ਪਟਿਆਲਾ: 10 ਮਾਰਚ, 2016
ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਸ. ਪਰਮਿੰਦਰ ਸਿੰਘ ਗਿੱਲ, ਆਈ.ਏ.ਐਸ., ਕਮਿਸ਼ਨਰ, ਨਗਰ ਨਿਗਮ, ਪਟਿਆਲਾ ਨੇ ਉਚੇਰੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਰੋਲ ਆਫ਼ ਆਨਰ, ਕਾਲਜ ਕਲਰ, ਮੈਰਿਟ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਸਮਾਰੋਹ ਦੌਰਾਨ ਬੋਲਦਿਆਂ ਉਨ੍ਹਾਂ ਨੇ ਹੋਣਹਾਰ ਵਿਦਿਆਰਥੀਆਂ ਦੀਆਂ ਅਕਾਦਮਿਕਤਾ, ਖੇਡਾਂ ਅਤੇ ਸਭਿਆਚਾਰਕ ਸਰਗਰਮੀਆਂ ਦੇ ਖੇਤਰ ਵਿਚ ਕੀਤੀਆਂ ਵੱਡੀਆਂ ਪ੍ਰਾਪਤੀਆਂ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਮੋਦੀ ਕਾਲਜ ਨੇ ਹਰ ਪੱਖੋਂ ਆਪਣਾ ਮਿਆਰ ਉਂਚਾ ਬਣਾਈ ਰੱਖਿਆ ਹੈ। ਪੁਰਾਣੇ ਦਿਨਾਂ ਦੀ ਯਾਦ ਤਾਜ਼ਾ ਕਰਦੇ ਹੋਏ, ਜਦੋਂ ਉਹ ਆਪ ਹਾਕੀ ਦੇ ਖਿਡਾਰੀ ਸਨ, ਉਨ੍ਹਾਂ ਨੇ ਦੱਸਿਆ ਕਿ ਖੇਡ ਦੇ ਮੈਦਾਨਾਂ ਵਿਚ ਅਸੀਂ ਇਕ ਨਿਹਾਇਤ ਕਾਮਯਾਬ ਆਗੂ ਵਾਲੇ ਗੁਣ ਤੇ ਟੀਮ ਦੇ ਮੈਂਬਰ ਹੁੰਦਿਆਂ ਲੀਡਰ ਦੀ ਆਗਿਆ ਮੰਨਣ ਦੇ ਗੁਣਾਂ ਨੂੰ ਗ੍ਰਹਿਣ ਕਰਦੇ ਹਾਂ। ਇਸੇ ਤਰ੍ਹਾਂ ਉਨ੍ਹਾਂ ਨੇ ਇਹ ਇੱਛਾ ਪ੍ਰਗਟ ਕੀਤੀ ਕਿ ਕਿੰਨਾ ਚੰਗਾ ਹੁੰਦਾ ਜੇ ਦੁਸ਼ਮਣ ਦੇਸ਼ਾਂ ਦੇ ਫੈਸਲੇ ਜੰਗ ਦੇ ਮੈਦਾਨ ਦੀ ਥਾਂ ਖੇਡ ਦੇ ਮੈਦਾਨ ਵਿਚ ਹੁੰਦੇ।
ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਪ੍ਰਸਤੁਤ ਕੀਤਾ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮੁੱਖ ਮਹਿਮਾਨ ਤੇ ਹੋਰ ਮੋਹਤਬਰ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਤੇ ਇਸ ਵਿਦਿਅਕ ਵਰ੍ਹੇ ਦੌਰਾਨ ਕਾਲਜ ਦੀਆਂ ਪ੍ਰਾਪਤੀਆਂ ਦੀ ਸੰਖੇਪ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਨੇ ਜਿਥੇ ਵਿਦਿਆਰਥੀਆਂ ਦੀਆਂ ਵਿਲੱਖਣ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਉਥੇ ਨਾਲ ਹੀ ਦੱਸਿਆ ਕਿ ਕਾਲਜ ਦੀਆਂ ਬਹੁਪੱਖੀ ਸਰਗਰਮੀਆਂ ਤੇ ਪ੍ਰਾਪਤੀਆਂ ਦੇ ਮੁਲਾਂਕਣ ਉਪਰੰਤ ਨੈਕ ਵੱਲੋਂ ਕਾਲਜ ਨੂੰ “ਏ“ ਗਰੇਡ (3.26 ਸੀ.ਜੀ.ਪੀ.ਏ. ਨਾਲ) ਪ੍ਰਦਾਨ ਕੀਤਾ ਗਿਆ ਹੈ।
ਕਾਲਜ ਦੇ ਰਜਿਸਟਰਾਰ ਡਾ. ਹਰਚਰਨ ਸਿੰਘ ਨੇ ਦੱਸਿਆ ਕਿ ਇਸ ਇਨਾਮ-ਵੰਡ ਸਮਾਰੋਹ ਵਿਚ ਅਕਾਦਮਿਕਤਾ, ਖੇਡਾਂ, ਸਭਿਆਚਾਰਕ ਸਰਗਰਮੀਆਂ, ਐਨ.ਸੀ.ਸੀ. ਅਤੇ ਐਨ.ਐਸ.ਐਸ. ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਵਿਚੋਂ 33 ਵਿਦਿਆਰਥੀਆਂ ਨੂੰ ਰੋਲ ਆਫ਼ ਆਨਰ, 189 ਨੂੰ ਕਾਲਜ ਕਲਰ ਅਤੇ 384 ਨੂੰ ਮੈਰਿਟ ਸਰਟੀਫਿਕੇਟ ਤੇ ਇਨਾਮ ਦਿੱਤੇ ਗਏ ਹਨ। ਕਾਲਜ ਦੀ ਖੁਸ਼ਬੂ ਸਿੰਘ, ਜਸਪ੍ਰੀਤ ਕੌਰ, ਜਸਲੀਨ ਕੌਰ, ਕਿਰਨ, ਨਵਨੀਤ ਕੌਰ ਤੇ ਦਿਵੀਸ਼ਾ ਸ਼ਰਮਾ ਨੂੰ ਪੰਜਾਬੀ ਯੂਨੀਵਰਸਿਟੀ ਪਰੀਖਿਆਵਾਂ ਵਿਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਲਈ ਰੋਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ।
ਅਨਮੋਲਪ੍ਰੀਤ ਸਿੰਘ (ਕ੍ਰਿਕਟ), ਜਿਓਤਿਕਾ ਦੱਤਾ (ਤਲਵਾਰਬਾਜ਼ੀ), ਸਚਿਨ ਸਿੰਘ ਰਾਵਤ (ਜੂਡੋ), ਕੇ.ਐਮ. ਮਧੂਵੇਦਵਾਨ (ਤੀਰਅੰਦਾਜ਼ੀ), ਰੋਨਿਤ ਸਿੰਘ ਬਿਸ਼ਟ (ਟੈਨਿਸ) ਤੇ ਬੇਬੀ ਵਰਮਾ (ਤਲਵਾਰਬਾਜ਼ੀ) ਨੂੰ ਖੇਡਾਂ ਦੇ ਖੇਤਰ ਵਿਚ ਅੰਤਰ ਰਾਸ਼ਟਰੀ ਪੱਧਰ ਤੇ ਕੀਤੀਆਂ ਪ੍ਰਾਪਤੀਆਂ ਲਈ ਰੋਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਕਾਲਜ ਦੇ 22 ਹੋਰ ਖਿਡਾਰੀਆਂ ਨੂੰ ਕੌਮੀ ਪੱਧਰ ਤੇ ਕੀਤੀਆਂ ਪ੍ਰਾਪਤੀਆਂ ਲਈ ਰੋਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਅੱਜ ਦੇ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਖਿਡਾਰੀਆਂ ਦੀਆਂ ਪ੍ਰਾਪਤੀਆਂ ਪਿਛੇ ਅਣਥੱਕ ਮਿਹਨਤ ਕਰ ਰਹੇ ਵੱਖ-ਵੱਖ ਖੇਡਾਂ ਦੇ ਕੋਚਾਂ ਅਤੇ ਖੇਡਾਂ ਨਾਲ ਜੁੜੀਆਂ ਦੂਜੀਆਂ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਅਵਸਰ ਤੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਪੋ੍ਰੋ. ਸੁਰਿੰਦਰ ਲਾਲ, ਕਾਲਜ ਦੇ ਪੁਰਾਣੇ ਵਿਦਿਆਰਥੀ, ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ, ਸੇਵਾ ਮੁਕਤ ਅਧਿਆਪਕ, ਕਰਮਚਾਰੀ ਅਤੇ ਇਨਾਮ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਪ੍ਰੋ. ਨਿਰਮਲ ਸਿੰਘ ਅਤੇ ਡਾ. ਹਰਚਰਨ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ। ਪ੍ਰੋ. ਬਲਵੀਰ ਸਿੰਘ, ਪ੍ਰੋ. ਸ਼ੈਲੇਂਦਰ ਕੌਰ, ਡਾ. ਅਜੀਤ ਕੁਮਾਰ ਤੇ ਪ੍ਰੋ. ਗਣੇਸ਼ ਸੇਠੀ ਨੇ ਮੰਚ ਸੰਚਾਲਨ ਦਾ ਕਾਰਜ ਬਾਖ਼ੂਬੀ ਨਿਭਾਇਆ।
ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ